ਮੋਹਾਲੀ (26 ਮਾਰਚ 2023)
ਰੈੱਡ ਮੀਟ ਖਾਣ ਵਾਲਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਪ੍ਰੋਸੈਸਡ ਰੈੱਡ ਮੀਟ ਤੋਂ ਬਣੇ ਬਰਗਰ, ਪੀਜ਼ਾ ਜਾਂ ਸੈਂਡਵਿਚ ਖਾਣਾ ਖ਼ਤਰਨਾਕ ਹਨ। ਹਾਲ ਹੀ ‘ਚ ਇਕ ਰਿਸਰਚ ‘ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਰੈੱਡ ਮੀਟ ਖਾਣ ਨਾਲ (ਡਿਮੈਂਸ਼ੀਆ) ਭੁੱਲਣ ਦੀ ਬਿਮਾਰੀ ਹੋ ਸਕਦੀ ਹੈ। ਅਲਜ਼ਾਈਮਰ ਐਸੋਸੀਏਸ਼ਨ ਇੰਟਰਨੈਸ਼ਨਲ ਕਾਨਫਰੰਸ ਦੀ ਇਸ ਖੋਜ ਵਿਚ ਦੱਸਿਆ ਗਿਆ ਕਿ ਜ਼ਿਆਦਾ ਪ੍ਰੋਸੈਸਡ ਰੈੱਡ ਮੀਟ ਖਾਣ ਵਾਲਿਆਂ ਵਿੱਚ ਡਿਮੈਂਸ਼ੀਆ ਦਾ ਖਤਰਾ ਕਾਫੀ ਜ਼ਿਆਦਾ ਹੁੰਦਾ ਹੈ, ਜਾਣੋ ਰੈੱਡ ਮੀਟ ਅਤੇ ਡਿਮੈਂਸ਼ੀਆ ਵਿੱਚ ਕੀ ਸੰਬੰਧ ਹਨ-
ਰੈੱਡ ਮੀਟ ਖਾਣ ਨਾਲ ਕਿਉਂ ਹੋ ਰਹੀ ਭੁੱਲਣ ਦੀ ਬਿਮਾਰੀ
ਮਾਹਿਰਾਂ ਦੇ ਅਨੁਸਾਰ, ਪ੍ਰੋਸੈਸਡ ਰੈੱਡ ਮੀਟ ਅਤੇ ਡਿਮੈਂਸ਼ੀਆ ਵਿਚਕਾਰ ਸੰਬੰਧ ਹੋ ਸਕਦਾ ਹੈ। ਸੌਸ ਅਤੇ ਬੇਕਨ ਵਰਗੀਆਂ ਚੀਜ਼ਾਂ ਵਿੱਚ ਫੈਟ ਅਤੇ ਕੋਲੈਸਟ੍ਰੋਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਜੇਕਰ ਜ਼ਿਆਦਾ ਖਾਧੀ ਜਾਵੇ ਤਾਂ ਧਮਨੀਆਂ ਵਿੱਚ ਕੋਲੈਸਟ੍ਰੋਲ ਪਲੇਕ ਜਮ੍ਹਾ ਹੋਣ ਦਾ ਖਤਰਾ ਰਹਿੰਦਾ ਹੈ। ਇਹ ਧਮਨੀਆਂ ਦੇ ਤੰਗ ਹੋਣ ਦਾ ਕਾਰਨ ਬਣ ਸਕਦਾ ਹੈ ਯਾਨੀ ਏਥੇਰੋਸਕਲੇਰੋਸਿਸ ਅਤੇ ਦਿਮਾਗ ਵਿੱਚ ਖੂਨ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਇਸ ਕਾਰਨ ਦਿਮਾਗ਼ ਦੇ ਸੈੱਲਾਂ ਨੂੰ ਆਕਸੀਜਨ ਅਤੇ ਲੋੜੀਂਦਾ ਪੋਸ਼ਣ ਨਹੀਂ ਮਿਲਦਾ, ਜਿਸ ਨਾਲ ਡਿਮੈਂਸ਼ੀਆ ਦਾ ਖ਼ਤਰਾ ਵੱਧ ਸਕਦਾ ਹੈ।
ਰੈੱਡ ਮੀਟ ਖਾਣ ਨਾਲ ਡਿਮੈਂਸ਼ੀਆ ਦਾ ਖਤਰਾ ਕਿੰਨਾ ਜ਼ਿਆਦਾ
ਇਸ ਖੋਜ ਵਿੱਚ 130,000 ਤੋਂ ਵੱਧ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਜਿਸ ਵਿੱਚ ਇਹ ਪਾਇਆ ਗਿਆ ਕਿ ਰੋਜ਼ਾਨਾ ਪ੍ਰੋਸੈਸਡ ਮੀਟ ਖਾਣ ਵਾਲਿਆਂ ਵਿੱਚ ਡਿਮੈਂਸ਼ੀਆ ਦਾ ਖ਼ਤਰਾ 14% ਵੱਧ ਸੀ। ਇਸ ਦੇ ਨਾਲ ਹੀ ਰੋਜ਼ਾਨਾ ਅਖਰੋਟ ਖਾਣ ਵਾਲਿਆਂ ‘ਚ ਇਸ ਬਿਮਾਰੀ ਦਾ ਖਤਰਾ 20 ਫੀਸਦੀ ਤੱਕ ਘੱਟ ਪਾਇਆ ਗਿਆ।
ਰੈੱਡ ਮੀਟ ਖਾਣ ਨਾਲ ਇਨ੍ਹਾਂ ਖਤਰਨਾਕ ਬਿਮਾਰੀਆਂ ਦਾ ਰਿਸਕ
ਰੈੱਡ ਮੀਟ ਖਾਣ ਨਾਲ ਦਿਲ ਦੀ ਬਿਮਾਰੀ, ਹਾਈ ਬਲੱਡ ਪ੍ਰੈਸ਼ਰ, ਕੋਰੋਨਰੀ ਆਰਟਰੀ ਡਿਜ਼ਿਜ਼ ਅਤੇ ਸਟ੍ਰੋਕ ਵਰਗੀਆਂ ਖਤਰਨਾਕ ਬਿਮਾਰੀਆਂ ਵੀ ਹੋ ਸਕਦੀਆਂ ਹਨ। ਇਸ ਨਾਲ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਵੀ ਹੋ ਸਕਦਾ ਹੈ ਅਤੇ ਸਰੀਰ ਦੇ ਕਈ ਹਿੱਸਿਆਂ ਵਿੱਚ ਸੋਜ ਵੀ ਆ ਸਕਦੀ ਹੈ। ਖੂਨ ਦੀਆਂ ਨਾੜੀਆਂ ਦੀ ਪੁਰਾਣੀ ਸੋਜਸ਼ ਅਤੇ ਨਪੁੰਸਕਤਾ ਦਿਮਾਗੀ ਕਮਜ਼ੋਰੀ ਦਾ ਕਾਰਨ ਬਣ ਸਕਦੀ ਹੈ।
ਮਾਹਿਰਾਂ ਦੇ ਅਨੁਸਾਰ, ਜਦੋਂ ਮੀਟ ਨੂੰ ਗ੍ਰਿਲਿੰਗ, ਫ੍ਰਾਈੰਗ ਜਾਂ ਬ੍ਰਾਇਲਿੰਗ ਵਰਗੇ ਤਰੀਕਿਆਂ ਨਾਲ ਪਕਾਇਆ ਜਾਂਦਾ ਹੈ, ਤਾਂ ਹੇਟੇਰੋਸਾਈਕਲਿਕ ਐਮਾਈਨਸ (HCAs) ਅਤੇ ਪੌਲੀਸਾਈਕਲਿਕ ਐਰੋਮੈਟਿਕ ਹਾਈਡ੍ਰੋਕਾਰਬਨਸ (PAHs) ਵਰਗੇ ਖਤਰਨਾਕ ਰਸਾਇਣ ਬਣਨੇ ਸ਼ੁਰੂ ਹੋ ਜਾਂਦੇ ਹਨ, ਜੋ ਦਿਮਾਗ ਵਿੱਚ ਆਕਸੀਟੇਟਿਵ ਸਟ੍ਰੈਸ ਅਤੇ ਸੋਜ ਦਾ ਕਾਰਨ ਬਣ ਸਕਦੇ ਹਨ। ਇਸ ਕਾਰਨ ਸੈੱਲ ਖਰਾਬ ਹੋ ਜਾਂਦੇ ਹਨ ਅਤੇ ਦਿਮਾਗ ਤੇਜ਼ੀ ਨਾਲ ਏਜਿੰਗ ਹੋਣ ਲੱਗ ਜਾਂਦਾ ਹੈ। ਜਿਸ ਕਾਰਨ ਅਲਜ਼ਾਈਮਰ ਅਤੇ ਡਿਮੈਂਸ਼ੀਆ ਵਰਗੀਆਂ ਨਿਊਰੋਡੀਜੇਨੇਰੇਟਿਵ ਬਿਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ।
ਡਿਮੈਂਸ਼ੀਆ ਤੋਂ ਇਦਾਂ ਕਰੋ ਬਚਾਅ
ਇਸ ਖੋਜ ਵਿੱਚ ਕਿਹਾ ਗਿਆ ਹੈ ਕਿ ਜੇਕਰ ਪ੍ਰੋਸੈਸਡ ਰੈੱਡ ਮੀਟ ਦੀ ਬਜਾਏ ਅਖਰੋਟ ਅਤੇ ਫਲ਼ੀਆਂ ਖਾਧੀਆਂ ਜਾਣ ਤਾਂ ਡਿਮੈਂਸ਼ੀਆ ਦਾ ਖ਼ਤਰਾ ਘੱਟ ਕੀਤਾ ਜਾ ਸਕਦਾ ਹੈ। ਇਨ੍ਹਾਂ ਦੋਹਾਂ ‘ਚ ਜ਼ਰੂਰੀ ਪੋਸ਼ਕ ਤੱਤ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਦਿਮਾਗ ਦੀ ਸਿਹਤ ਨੂੰ ਬਿਹਤਰ ਬਣਾਉਣ ‘ਚ ਮਦਦ ਕਰਦੇ ਹਨ।