Saturday, July 20, 2024
spot_imgspot_img

Top 5 This Week

spot_img

Related Posts

ਹਰਿਆਣਾ ਸਰਕਾਰ ਨੂੰ ਹਾਈਕੋਰਟ ਨੇ ਲਾਈ ਫਟਕਾਰ, ਸ਼ੰਭੂ ਤੇ ਖਨੌਰੀ ਬਾਰਡਰ ਖੋਲਣ ਦੇ ਹੁਕਮ ਜਾਰੀ

ਹਰਿਆਣਾ ਸਰਕਾਰ ਨੂੰ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੱਡਾ ਝਟਕਾ ਦੇ ਦਿੱਤਾ ਹੈ। ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਇੱਕ ਹਫਤੇ ਦੇ ਅੰਦਰ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਦਰਅਸਲ ਬਾਰਡਰ ਖੁੱਲ੍ਹਣ ਤੋਂ ਬਾਅਦ ਹੁਣ ਕਿਸਾਨ ਦਿੱਲੀ ਜਾ ਸਕਣਗੇ। ਇਸ ਸੰਬੰਧ ਵਿੱਚ ਕਿਸਾਨਾਂ ਨੇ ਹਾਈਕੋਰਟ ਦੇ ਫੈਸਲੇ ਦਾ ਵੀ ਸਵਾਗਤ ਕੀਤਾ ਹੈ ਤੇ ਦਿੱਲੀ ਕੂਚ ਕਰਨ ਦੀ ਅਗਲੀ ਰਣਨੀਤੀ ਲਈ ਮੀਟਿੰਗਾਂ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਹੈ।

ਜ਼ਿਕਰ-ਏ-ਖ਼ਾਸ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸ਼ੰਭੂ ਤੇ ਖਨੌਰੀ ਬਾਰਡਰ ਨੂੰ ਮਹਿਜ਼ ਇੱਕ ਹਫ਼ਤੇ ਵਿੱਚ ਹੀ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜਿਸ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਵੀ ਚਰਚਾ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਦਰਅਸਲ ਜਦੋਂ ਕਿਸਾਨਾਂ ਵੱਲੋਂ ਦਿੱਲੀ ਕੂਚ ਦੀ ਕਾਲ ਦਿੱਤੀ ਗਈ ਸੀ ਉਦੋ ਕਿਸਾਨਾਂ ਨੂੰ ਸ਼ੰਭੂ ਬਾਰਡਰ ‘ਤੇ ਪੱਥਰਾਂ ਤੇ ਇੱਟਾਂ- ਸੀਮਿੰਟ ਦੀਆਂ ਕੰਧਾਂ ਨਾਲ ਬੈਰੀਕੇਡਿੰਗ ਕਰ ਕੇ ਰੋਕ ਦਿੱਤਾ ਸੀ ਜਿਸ ਤੋਂ ਬਆਦ ਹਾਈਕੋਰਟ ਵਿੱਚ ਇੱਕ ਪਟੀਸਨ ਦਾਇਰ ਕੀਤੀ ਗਈ ਸੀ ਜਿਸ ‘ਤੇ ਹੁਣ ਇਹ ਫੈਸਲਾ ਸੁਣਾਇਆ ਗਿਆ ਹੈ। ਇਸ ਦੇ ਨਾਲ ਹੀ ਹਾਈਕੋਰਟ ਨੇ ਕਿਹਾ ਕਿ ਸ਼ੰਭੂ ਸਰਹੱਦ ‘ਤੇ ਸਥਿਤੀ ਸ਼ਾਂਤੀਪੂਰਨ ਹੈ ਜਿਸ ਨੂੰ ਲੈ ਕੇ ਕੋਈ ਵੀ ਸਖ਼ਤੀ ਦੀ ਲੋੜ ਨਹੀਂ ਹੈ।

ਇਹ ਵੀ ਦੱਸਣਾ ਜਰੂਰੀ ਹੈ ਕਿ ਸ਼ੰਭੂ ਸਰਹੱਦ ਪਿਛਲੇ 5 ਮਹੀਨਿਆਂ ਤੋਂ ਬੰਦ ਹੈ। ਕਿਸਾਨ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਹੀ ਦਿੱਲੀ ਵੱਲ ਮਾਰਚ ਕਰਨਾ ਚਾਹੁੰਦੇ ਸਨ। ਪੰਜਾਬ ਦੇ ਇਨ੍ਹਾਂ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੇ ਇੱਥੇ 7 ਲੇਅਰ ਬੈਰੀਕੇਡਿੰਗ ਕੀਤੀ ਹੋਈ ਸੀ। ਸ਼ੰਭੂ ਸਰਹੱਦ ਬੰਦ ਹੋਣ ਕਾਰਨ ਪੰਜਾਬ ਤੇ ਹਰਿਆਣਾ ਦਾ ਸਿੱਧਾ ਸੰਪਰਕ ਟੁੱਟ ਗਿਆ ਸੀ। ਅੰਬਾਲਾ ਦੇ ਵਪਾਰੀਆਂ ਨੇ ਵੀ ਸ਼ੰਭੂ ਬਾਰਡਰ ਖੋਲ੍ਹਣ ਦੀ ਮੰਗ ਨੂੰ ਲੈ ਕੇ ਆਪਣੀਆਂ ਦੁਕਾਨਾਂ ਬੰਦ ਕਰਕੇ ਆਪਣਾ ਗੁੱਸਾ ਜ਼ਾਹਰ ਕੀਤਾ ਸੀ।

ਤੇ ਹੁਣ ਇਸ ਮਾਮਲੇ ਨਾਲ ਸੰਬੰਧਤ ਹਾਈਕੋਰਟ ਵੱਲੋਂ ਦਿੱਤੇ ਗਏ ਇਸ ਫੈਸਲੇ ਦਾ ਕਿਸਾਨ ਆਗੂਆਂ ਵੱਲੋਂ ਸਵਾਗਤ ਤਾਂ ਕੀਤਾ ਗਿਆ ਹੈ ਪਰ ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਅਜੇ ਤੱਕ ਉਨ੍ਹਾਂ ਨੂੰ ਇਸ ਫੈਸਲੇ ਦੀ ਅਸਲ ਕਾਪੀ ਨਹੀਂ ਮਿਲੀ ਜਿਸ ਨੂੰ ਲੈ ਕੇ ਉਹ ਅਗਲੀ ਰਣਨੀਤੀ ਉਲੀਕ ਸਕਣ ਤੇ ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਵਾਰ- ਵਾਰ ਪੁੱਛਣ ਦੇ ਬਾਵਜੂਦ ਕਿ ਕੀ ਸੰਵਿਧਾਨ ਤੇ ਕਾਨੂੰਨ ਦੇ ਤਹਿਤ ਸੜਕਾਂ ‘ਤੇ ਕੰਧਾਂ ਬਣਾਉਣਾ ਸਹੀ ਹੈ ਜਿਸਦੇ ਬਾਰੇ ਸਾਨੂੰ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਸੀ ਹਾਲਾਂਕਿ ਹੁਣ ਜਦੋਂ ਬਾਰਡਰ ਖੁਲ੍ਹੇਗਾ ਤਾਂ ਉਸ ਤੋਂ ਬਾਅਦ ਕਿਸਾਨਾਂ ਦਾ ਕੀ ਰਵੱਈਆ ਹੋਵੇਗਾ ਇਸ ‘ਤੇ ਹੁਣ ਸਭ ਦੀਆਂ ਨਜ਼ਰਾਂ ਹਨ।

Popular Articles