Friday, July 19, 2024
spot_imgspot_img

Top 5 This Week

spot_img

Related Posts

ਹੁਣ ਟੀਵੀ ਸੀਰੀਅਲਾਂ ਅਤੇ ਫਿਲਮਾਂ ‘ਚ ਨਹੀਂ ਦਿਖਾਏ ਜਾਣਗੇ ਸਿੱਖ ਵਿਆਹਾਂ ਦੇ ਸੀਨ, ਜਾਣੋ ਕਾਰਨ

ਮੋਹਾਲੀ ( 11 ਜੁਲਾਈ 2024 )

ਬੀਤੇ ਦਿਨੀਂ ਨਕਲੀ ਗੁਰੂਘਰ ਬਣਾ ਕੇ ਇੱਕ ਸੀਰੀਅਲ ਦਾ ਦ੍ਰਿਸ਼ ਫ਼ਿਲਮਾਉਣ ਦਾ ਜੋ ਮਾਮਲਾ ਸਾਹਮਣੇ ਆਇਆ ਸੀ ਉਸਨੇ ਹੁਣ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਜਿਕਰੇਖਾਸ ਹੈ ਕਿ ਹਾਲ ਹੀ ਵਿੱਚ ਇਕ ਦ੍ਰਿਸ਼ ਦੇ ਲਈ ਇੱਕ ਫਰਜ਼ੀ ਗੁਰਦੁਆਰਾ ਸਾਹਿਬ ਵਿੱਚ ਸ਼ੂਟ ਕੀਤਾ ਜਾ ਰਿਹਾ ਸੀ ਜਿਥੇ ਨਿਹੰਗ ਸਿੰਘਾਂ ਨੇ ਪਹੁੰਚ ਕੇ ਹੰਗਾਮਾ ਖੜਾ ਕਰ ਦਿੱਤਾ ਸੀ ਅਤੇ ਸ਼ੂਟਿੰਗ ਰੁਕਵਾ ਦਿੱਤੀ ਸੀ। ਮੋਹਾਲੀ ਵਿੱਚ ਵਾਪਰੀ ਘਟਨਾ ਤੋਂ ਬਾਅਦ ਸਿੱਖਾਂ ਦੇ ਸਰਵਉੱਚ ਤਖਤ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਸ ਨੂੰ ਗਲਤ ਕਰਾਰ ਦਿੱਤਾ ਹੈ।

ਜਿਸ ਨੂੰ ਲੈ ਕੇ ਹੁਣ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸਖਤ ਹੁਕਮ ਜਾਰੀ ਕੀਤੇ ਗਏ। ਜਲਦੀ ਹੀ ਲੋਕ ਫਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਸਿੱਖ ਰੀਤੀ-ਰਿਵਾਜਾਂ ਅਨੁਸਾਰ ਹੋਣ ਵਾਲੇ ਵਿਆਹ ਭਾਵ ਕਿ ਆਨੰਦ ਕਾਰਜ ਦੇ ਦ੍ਰਿਸ਼ ਨਜ਼ਰ ਨਹੀਂ ਆਉਣਗੇ।

ਅਕਾਲ ਤਖ਼ਤ ਦੇ ਜਥੇਦਾਰ ਨੇ ਜਾਣਕਾਰੀ ਦਿੱਤੀ ਹੈ ਕਿ ਘੜੂੰਆਂ ਵਿੱਚ ਫਰਜ਼ੀ ਗੁਰਦੁਆਰਾ ਸਾਹਿਬ ਤਿਆਰ ਕਰਕੇ ਆਨੰਦ ਕਾਰਜ ਦੀ ਸ਼ੂਟਿੰਗ ਦੀ ਪੂਰੀ ਘਟਨਾ ਉੱਤੇ ਰਿਪੋਰਟ ਮੰਗੀ ਗਈ ਹੈ ਜਿਸ ਤੋਂ ਬਾਅਦ ਇਸ ਸਬੰਧੀ ਅਕਾਲ ਤਖ਼ਤ ਤੋਂ ਹੁਕਮ ਜਾਰੀ ਕੀਤੇ ਜਾ ਸਕਦੇ ਹਨ। ਇਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਇਸ ਤੋਂ ਪਹਿਲਾਂ ਮੈਰਿਜ ਪੈਲੇਸਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣ ‘ਤੇ ਪਾਬੰਦੀ ਲੱਗੀ ਹੋਈ ਸੀ।
ਦੱਸ ਦੇਈਏ ਕਿ ਹਾਲ ਹੀ ਵਿੱਚ ਮੋਹਾਲੀ ਵਿੱਚ ਪੰਜਾਬੀ ਟੀਵੀ ਸੀਰੀਅਲ ਉਡਾਰੀਆਂ ਦੀ ਸ਼ੂਟਿੰਗ ਚੱਲ ਰਹੀ ਸੀ।

ਇਸ ਵਿੱਚ ਨਕਲੀ ਗੁਰਦੁਆਰਾ ਸਾਹਿਬ ਦਾ ਸੈੱਟ ਬਣਾਇਆ ਗਿਆ ਸੀ। ਜਿਵੇਂ ਹੀ ਨਿਹੰਗਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਹੰਗਾਮਾ ਮਚਾ ਦਿੱਤਾ ਅਤੇ ਸੀਰੀਅਲ ਦੀ ਸ਼ੂਟਿੰਗ ਬੰਦ ਕਰਵਾ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਉੱਥੇ ਆ ਕੇ ਮਾਮਲਾ ਸ਼ਾਂਤ ਕਰਵਾਇਆ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਮ ਇੰਡਸਟਰੀ ਵਿੱਚ ਲੋਕ ਆਪਣੇ ਕਾਰੋਬਾਰ ਨੂੰ ਮੁੱਖ ਪਹਿਲ ਦੇ ਕੇ ਸਿੱਖ ਰਵਾਇਤਾਂ ਨਾਲ ਖਿਲਵਾੜ ਕਰ ਰਹੇ ਹਨ। ਜੇਕਰ ਉਹ ਇਨ੍ਹਾਂ ਗਤੀਵਿਧੀਆਂ ਤੋਂ ਗੁਰੇਜ਼ ਨਹੀਂ ਕਰਦੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਉਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਪਵੇਗੀ।

ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਘਟਨਾ ਵਿੱਚ ਦੋਸ਼ੀ ਪਾਏ ਜਾਣ ਵਾਲੇ ਅਦਾਕਾਰਾਂ, ਨਿਰਦੇਸ਼ਕਾਂ ਜਾਂ ਸਹਾਇਕ ਵਿਅਕਤੀਆਂ ਖ਼ਿਲਾਫ਼ ਸਿੱਖ ਰਵਾਇਤਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਲਦੀ ਹੀ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਕਰਦਿਆਂ ਇਸ ਵਰਤਾਰੇ ’ਤੇ ਪਾਬੰਦੀ ਲਾਉਣ ਦਾ ਸਖ਼ਤ ਫੈਸਲਾ ਲਿਆ ਜਾਵੇਗਾ।

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਇੱਕ ਬਿਆਨ ਵਿੱਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਿੱਖ ਪੰਥ ਨੇ ਲੰਮਾ ਸਮਾਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਜਾਂ ਗੁਰਦੁਆਰਾ ਸਾਹਿਬਾਨ ਵਿੱਚ ਮਜ਼ਾਕੀਆ ਵਿਆਹਾਂ ਦੇ ਫਿਲਮਾਂਕਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਡਰਾਮੇਬਾਜ਼ੀ ਅਤੇ ਫਰਜ਼ੀ ਵਿਆਹਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਫਿਲਮਾਂ ਅਤੇ ਟੀਵੀ ਸੀਰੀਅਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੋਣ ਵਾਲੇ ਜਾਅਲੀ ਵਿਆਹਾਂ ਨੂੰ ਫਿਲਮਾਉਣ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਗੁਰਦੁਆਰਾ ਸਾਹਿਬ ਵਿੱਚ ਫਿਲਮਾਏ ਜਾ ਰਹੇ ਨਕਲੀ ਆਨੰਦ ਕਾਰਜ ਨੇ ਹਰ ਸ਼ਰਧਾਲੂ ਸਿੱਖ ਦੇ ਹਿਰਦੇ ਨੂੰ ਡੂੰਘੀ ਠੇਸ ਪਹੁੰਚਾਈ ਹੈ।

ਸੋ ਹੁਣ ਇੱਕ ਪਾਸੇ ਤਾਂ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਉਕਤ ਕਦਮ ਚੁੱਕਣ ਜਾ ਰਹੀਆਂ ਹਨ ਪਰ ਦੂਜੇ ਪਾਸੇ ਇਹ ਵੀ ਦੇਖਣਾ ਹੋਵੇਗਾ ਕਿ ਕੀ ਅਦਾਕਾਰ ਅਤੇ ਫ਼ਿਲਮਾਂ ਬਣਾਉਣ ਵਾਲੇ ਇਹਨਾਂ ਪਾਬੰਦੀਆਂ ਨੂੰ ਪੁਖਤਾ ਰੂਪ ਵਿੱਚ ਮੰਨਦੇ ਵੀ ਹਨ ਜਾਂ ਨਹੀਂ.

Popular Articles